ਅਮਰੀਕਾ ਜਾਂਦੇ ਦੋਆਬੇ ਦੇ ਨੌਜਵਾਨ 3 ਮਹੀਨਿਆਂ ਤੋਂ ਲਾਪਤਾ !! ਲੱਖਾਂ ਰੁਪਏ ਲੈ ਕੇ ਏਜੰਟ ਫ਼ਰਾਰ….

1652

ਹਰ ਹੀਲੇ-ਵਸੀਲੇ ਅਮਰੀਕਾ ਜਾਣ ਦੀ ਲਾਲਸਾ ‘ਚ ਏਜੰਟਾਂ ਦੇ ਧੜੇ ਚੜ੍ਹ ਕੇ ਗਏ ਦੁਆਬੇ ਦੇ ਕਰੀਬ 20 ਨੌਜਵਾਨਾਂ ਦੇ ਅਮਰੀਕਾ ਦੇ ਮਿਆਮੀ ਲਾਗੇ ਸਮੁੰਦਰ ‘ਚ ਰੁੜ੍ਹ ਕੇ ਜਾਨ ਗਵਾ ਬੈਠਣ ਦਾ ਖ਼ਦਸ਼ਾ ਹੈ | ਵੱਖ-ਵੱਖ ਸੂਤਰਾਂ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਇਹ ਨੌਜਵਾਨ 5 ਫਰਵਰੀ ਦੇ ਨੇੜ-ਤੇੜ ਵੱਖ-ਵੱਖ ਪਿੰਡਾਂ ਤੋਂ ਏਜੰਟਾਂ ਰਾਹੀਂ ਦਿੱਲੀ ਇਕੱਠੇ ਹੋਏ ਸਨ ਤੇ 22 ਫਰਵਰੀ ਨੂੰ ਉਹ ਦਿੱਲੀ ਤੋਂ ਕਿਸੇ ਨਵੀਂ ਥਾਂ ਲਈ ਰਵਾਨਾ ਹੋਏ | ਸੂਤਰਾਂ ਮੁਤਾਬਿਕ 3 ਅਗਸਤ ਨੂੰ ਅਮਰੀਕਾ ਨੇੜੇ ਬਹਾਮਸ ਟਾਪੂ ਤੋਂ ਉਕਤ ਨੌਜਵਾਨਾਂ ਦੀ ਆਪਣੇ ਮਾਪਿਆਂ ਨਾਲ ਆਖ਼ਰੀ ਵਾਰ ਫੋਨ ਉੱਪਰ ਗੱਲਬਾਤ ਹੋਈ |

ਪਤਾ ਲੱਗਾ ਹੈ ਕਿ ਇਸ ਵੇਲੇ ਅਮਰੀਕਾ ਭੇਜਣ ਲਈ ਮਨੁੱਖੀ ਤਸਕਰੀ ‘ਚ ਲੱਗੇ ਏਜੰਟਾਂ ਵਲੋਂ ਬਹਾਮਸ ਟਾਪੂ ਸਮੁੰਦਰ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਨੌਜਵਾਨ ਅਮਰੀਕਾ ਭੇਜਣ ਲਈ ਲਾਂਘੇ ਵਜੋਂ ਵਰਤਿਆ ਜਾ ਰਿਹਾ ਹੈ | ਦੱਸਿਆ ਜਾਂਦਾ ਹੈ ਕਿ ਬਹਾਮਸ ਟਾਪੂ ਲਈ ਵੀਜ਼ੇ ਦੀ ਕੋਈ ਲੋੜ ਨਹੀਂ ਹੁੰਦੀ ਪਰ ਭਾਰਤ ‘ਚੋਂ ਬਹਾਮਸ ਟਾਪੂ ਜਾਣ ਲਈ ਸਿੱਧਾ ਇਮੀਗ੍ਰੇਸ਼ਨ ਅਧਿਕਾਰੀ ਹਵਾਈ ਜਹਾਜ਼ ਚੜ੍ਹਨ ਦੀ ਇਜਾਜ਼ਤ ਨਹੀਂ ਦਿੰਦੇ |ਮਨੁੱਖੀ ਤਸਕਰੀ ਦੇ ਜਾਣਕਾਰਾਂ ਦੇ ਹਵਾਲੇ ਅਨੁਸਾਰ ਏਜੰਟ ਪਹਿਲਾਂ ਭਾਰਤ ਤੋਂ ਅਜਿਹੇ ਨੌਜਵਾਨਾਂ ਨੂੰ ਡੁਬਈ ਜਾਂ ਅਜਿਹੇ ਕਿਸੇ ਹੋਰ ਦੇਸ਼ ਵਿਚ ਲਿਜਾਂਦੇ ਹਨ, ਜਿਥੋਂ ਦਾ ਵੀਜ਼ਾ ਸੁਖਾਲਾ ਮਿਲ ਜਾਂਦਾ ਹੈ ਤੇ ਫਿਰ ਉਥੋਂ ਬਹਾਮਸ ਟਾਪੂ ਲੈ ਜਾਂਦੇ ਹਨ | ਅੱਗੋਂ ਇਸ ਟਾਪੂ ਤੋਂ ਸਮੁੰਦਰੀ ਰਸਤੇ ਅਮਰੀਕਾ ਦੇ ਮਿਆਮੀ ਲਾਗਲੇ ਖੇਤਰ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਕੀਤਾ ਜਾਂਦਾ ਹੈ |

ਬਹਾਮਸ ਤੋਂ ਮਿਆਮੀ ਵਿਚਕਾਰ ਦੂਰੀ ਲਗਪਗ 293 ਕਿਲੋਮੀਟਰ ਹੈ | ਉਕਤ ਨੌਜਵਾਨਾਂ ਦੇ ਮਾਪੇ ਤਿੰਨ ਮਹੀਨੇ ਤੋਂ ਏਜੰਟਾਂ ਦੁਆਲੇ ਚੱਕਰ ਕੱਟਦੇ ਫਿਰ ਰਹੇ ਹਨ ਅਤੇ ਸ਼ਾਇਦ ਕੋਈ ਸੁੱਖ ਦਾ ਸੁਨੇਹਾ ਆ ਜਾਵੇ | ਇਸੇ ਆਸ ਨਾਲ ਉਹ ਕਿਸੇ ਕੋਲ ਭਾਫ ਕੱਢਣ ਤੋਂ ਵੀ ਸੰਕੋਚ ਕਰ ਰਹੇ ਹਨ | ਏਜੰਟ ਮਾਪਿਆਂ ਨੂੰ ਅਜੇ ਵੀ ਇਹੀ ਝਾਂਸਾ ਦੇ ਰਹੇ ਹਨ ਕਿ ਜਲਦੀ ਹੀ ਉਨ੍ਹਾਂ ਦੀ ਮੁੰਡਿਆਂ ਨਾਲ ਗੱਲ ਕਰਵਾ ਦਿੱਤੀ ਜਾਵੇਗੀ | ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ 3 ਅਗਸਤ ਤੋਂ ਬਾਅਦ ਇਹ ਮੁੰਡੇ ਸਮੁੰਦਰ ਰਾਹੀਂ ਅਮਰੀਕਾ ਜਾਣ ਸਮੇਂ ਕਿਸੇ ਅਣਹੋਣੀ ਦਾ ਸ਼ਿਕਾਰ ਹੋ ਗਏ ਹਨ | ਏਜੰਟਾਂ ਨੂੰ ਹਾਦਸੇ ਦਾ ਮੁੱਢ ਤੋਂ ਹੀ ਪਤਾ ਸੀ | ਅਸਲ ਵਿਚ ਉਹ ਸਮਾਂ ਲੰਘਾ ਕੇ ਗੱਲ ਠੰਢੀ ਪਾਉਣ ਦੇ ਯਤਨ ਵਿਚ ਹਨ | ਇਕ ਏਜੰਟ ਨੇ ਤਾਂ ਪਤਾ ਲੱਗਾ ਹੈ ਕਿ ਦੋ ਲੜਕਿਆਂ ਦੇ ਮਾਪਿਆਂ ਨੂੰ ਕੁਝ ਪੈਸੇ ਵੀ ਵਾਪਸ ਕਰ ਦਿੱਤੇ ਹਨ | ਇਸ ਗੱਲ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਮੁੰਡੇ ਅਮਰੀਕਾ ਪਹੁੰਚ ਗਏ ਹੁੰਦੇ ਜਾਂ ਬਹਾਮਸ ਟਾਪੂ ਵਿਚ ਹੀ ਫਸੇ ਹੋਣ ਤਾਂ ਏਜੰਟ ਨੇ ਪੈਸੇ ਕਿਥੋਂ ਵਾਪਸ ਕਰਨੇ ਸਨ | ਏਜੰਟਾਂ ਦੇ ਧੜੇ ਚੜ੍ਹੇ ਇਨ੍ਹਾਂ ਨੌਜਵਾਨਾਂ ਵਿਚ ਜ਼ਿਆਦਾਤਰ ਨੌਜਵਾਨ ਭੁਲੱਥ-ਬੇਗੋਵਾਲ ਤੇ ਮੁਕੇਰੀਆਂ ਖੇਤਰਾਂ ਨਾਲ ਸਬੰਧਿਤ ਦੱਸੇ ਜਾਂਦੇ ਹਨ |

ਪੁੱਛ-ਪੜਤਾਲ ‘ਚ ਸਾਹਮਣੇ ਆਇਆ ਕਿ ਅਮਰੀਕਾ ਜਾਣ ਦੇ ਚਾਹਵਾਨਾਂ ਵਿਚ ਭੁਲੱਥ ਨੇੜਲੇ ਪਿੰਡ ਤਲਵੰਡੀ ਮਾਨਾ ਦਾ ਨਵਦੀਪ ਸਿੰਘ ਪੁੱਤਰ ਸ: ਪ੍ਰਗਟ ਸਿੰਘ ਵੀ ਸ਼ਾਮਿਲ ਹੈ | ਦਸਵੀਂ ਪਾਸ 19 ਸਾਲਾ ਨਵਦੀਪ ਸਿੰਘ ਦੇ ਪਿਤਾ ਸ: ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਪੁੱਤਰ ਨਵਦੀਪ ਸਿੰਘ ਅਤੇ ਭਾਣਜੇ ਜਸਪ੍ਰੀਤ ਸਿੰਘ ਨੂੰ ਅਮਰੀਕਾ ਭੇਜਣ ਲਈ ਇਸੇ ਖੇਤਰ ਦੇ ਕਥਿਤ ਏਜੰਟ ਪਿੰਡ ਖੱਸਣ ਦੇ ਰਣਜੀਤ ਸਿੰਘ ਰਾਣਾ ਨਾਲ ਗੱਲਬਾਤ ਕੀਤੀ ਤੇ 52 ਲੱਖ ਰੁਪਏ ‘ਚ ਗੱਲ ਮੁੱਕੀ ਸੀ | ਉਨ੍ਹਾਂ ਜਨਵਰੀ ਮਹੀਨੇ ਸਾਰੇ ਪੈਸੇ ਰਣਜੀਤ ਸਿੰਘ ਨੂੰ ਦੇ ਦਿੱਤੇ | ਉਸ ਦਾ ਭਾਣਜਾ ਜਸਪ੍ਰੀਤ ਸਿੰਘ ਕਪੂਰਥਲਾ ਲਾਗੇ ਪਿੰਡ ਭੰਡਾਲ ਦੋਨਾ ਦਾ ਵਸਨੀਕ ਹੈ | ਜਸਪ੍ਰੀਤ ਸਿੰਘ ਦੇ ਪਿਤਾ ਸ: ਮਹਿੰਦਰ ਸਿੰਘ ਹਨ | ਜਸਪ੍ਰੀਤ ਦੇ ਭਰਾ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਆਖ਼ਰੀ ਵਾਰ ਉਨ੍ਹਾਂ ਦੀ ਆਪਣੇ ਭਰਾ ਨਾਲ ਬਾਹਮਸ ਟਾਪੂ ਤੋਂ ਗੱਲ ਹੋਈ ਸੀ, ਬਾਅਦ ‘ਚ ਤਿੰਨ ਮਹੀਨੇ ਲੰਘ ਗਏ ਕੋਈ ਅਤਾ-ਪਤਾ ਨਹੀਂ ਲੱਗ ਰਿਹਾ | ਪਤਾ ਲੱਗਾ ਹੈ ਕਿ ਉਕਤ ਗਏ ਨੌਜਵਾਨਾਂ ਵਿਚ ਤਿੰਨ ਨੌਜਵਾਨ ਮੁਕੇਰੀਆਂ ਲਾਗਲੇ ਪਿੰਡਾਂ ਨਾਲ ਸਬੰਧਿਤ ਹਨ |

ਇਨ੍ਹਾਂ ਵਿਚੋਂ ਇਕ ਪਿੰਡ ਫਰੀਕਾ ਦੇ ਫੌਜੀ ਦਾ ਪੁੱਤਰ ਹੈ | ਇਸ ਤਰ੍ਹਾਂ ਇਕ ਨੌਜਵਾਨ ਜਸਵਿੰਦਰ ਸਿੰਘ ਅੰਮਿ੍ਤਸਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ | ਪਤਾ ਲੱਗਾ ਹੈ ਕਿ ਏਜੰਟਾਂ ਵਲੋਂ ਨੌਜਵਾਨਾਂ ਨੂੰ ਅਮਰੀਕਾ ਭੇਜਣ ਲਈ 32 ਲੱਖ ਰੁਪਏ ਮੰਗੇ ਗਏ ਸਨ ਤੇ ਉਕਤ ਨੌਜਵਾਨ ਏਜੰਟਾਂ ਨੂੰ ਪੈਸੇ ਤਾਰਨ ਤੋਂ ਬਾਅਦ ਹੀ ਘਰੋਂ ਗਏ ਸਨ | ਪਤਾ ਲੱਗਾ ਹੈ ਕਿ ਤਲਵੰਡੀ ਮਾਨਾ ਤੇ ਭੰਡਾਲ ਦੋਨਾ ਦੇ ਨੌਜਵਾਨ ਮੁੰਡਿਆਂ ਦੇ ਮਾਪਿਆਂ ਨੇ ਪਿੰਡ ਖੱਸਣ ਦੀ ਪੰਚਾਇਤ ਵਿਚ ਵੀ ਇਹ ਮਾਮਲਾ ਰੱਖਿਆ ਸੀ ਤੇ ਦੱਸਿਆ ਜਾਂਦਾ ਹੈ ਕਿ ਏਜੰਟ ਰਣਜੀਤ ਸਿੰਘ ਰਾਣਾ ਨੇ ਵਾਅਦਾ ਕੀਤਾ ਕਿ ਮੁੰਡਿਆਂ ਨਾਲ ਗੱਲ ਕਰਵਾ ਦਿੱਤੀ ਜਾਵੇਗੀ | ਪਰ ਉਹ ਅਜੇ ਤੱਕ ਵੀ ਗੱਲ ਨਹੀਂ ਕਰਵਾ ਸਕੇ, ਪਰ ਸ: ਪ੍ਰਗਟ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਨੇ ਦਬਾਅ ‘ਚ ਆ ਕੇ ਉਨ੍ਹਾਂ ਨੂੰ ਕੁਝ ਪੈਸੇ ਵਾਪਸ ਕਰ ਦਿੱਤੇ ਹਨ | ਕਥਿਤ ਏਜੰਟ ਰਣਜੀਤ ਸਿੰਘ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ, ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਹੈ | ਐਸ. ਐਸ. ਪੀ. ਕਪੂਰਥਲਾ ਸ੍ਰੀ ਸੰਦੀਪ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਅਜਿਹੀ ਕਿਸੇ ਘਟਨਾ ਬਾਰੇ ਅਣਜਾਣਤਾ ਜ਼ਾਹਰ ਕੀਤੀ | ਉਨ੍ਹਾਂ ਕਿਹਾ ਕਿ ਕਿਸੇ ਨੇ ਅਜੇ ਤੱਕ ਸਾਡੇ ਕੋਲ ਕੋਈ ਸ਼ਿਕਾਇਤ ਵੀ ਦਰਜ ਨਹੀਂ ਕਰਵਾਈ | ਇਸੇ ਦੌਰਾਨ ਪਤਾ ਲੱਗਾ ਹੈ ਕਿ ਉਕਤ ਲੜਕਿਆਂ ਦੇ ਕਈ ਮਾਪੇ ਭੁਲੱਥ ਹਲਕੇ ਦੇ ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ ਨੂੰ ਵੀ ਮਿਲੇ ਸਨ|