ਗੁਰੂ ਗੋਬਿੰਦ ਸਿੰਘ ਸਾਹਿਬ ਇਸ ਲਈ ਰੱਖਦੇ ਸਨ ਬਾਜ਼

ਬਾਜ਼ ਇਕ ਇਹੋ ਜਹਿਆ ਪੰਛੀ ਹੈ, ਜਿਸ ਵਿੱਚ ਦੂਜੇ ਪਰਿੰਦਿਆਂ ਨਾਲੋਂ ਵਖਰੇ ਗੁਣ ਅਤੇ ਵਿਸ਼ੇਸ਼ਤਾਵਾਂ ਹੁੰਦੀਆਂ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੋਈ ਚਿੜੀਆਂ ਪਾਲਣ ਦਾ ਸ਼ੌਂਕ ਨਹੀਂ ਸੀ, ਜੋ ਉਨਾਂ ਨੇ ਅਪਣੇ ਕੋਲ ਬਾਜ਼ ਰਖਿਆ ਹੋਇਆ ਸੀ। ਗੁਰੂ ਜੋ ਕਹਿੰਦਾ ਹੈ, ਜੋ ਕਰਦਾ ਹੈ, ਜੋ ਵਰਤਦਾ ਹੈ, ਉਹ ਸਭ ਕੁਝ, ਉਸ ਦੇ ਸਿੱਖ ਲਈ ਇਕ “ਸੰਦੇਸ਼” ਹੁੰਦਾ ਹੈ ਅਤੇ ਉਸ ਦਾ ਕੋਈ ਮਕਸਦ ਹੁੰਦਾ ਹੈ। ਬਾਜ਼ ਬਹੁਤ ਦੂਰੋਂ, ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਬਹੁਤ ਸਾਫ ਤੌਰ ‘ਤੇ ਵੇਖ ਸਕਦਾ ਹੈ। ਅਪਣੇ ਸ਼ਿਕਾਰ ਨੂੰ ਅਤੇ ਦੁਸ਼ਮਨ ਨੂੰ ਕਈ ਕੋਹਾਂ ਤੋਂ ਉਹ ਵੇਖ ਲੈਂਦਾ ਹੈ।

ਅਪਣੀ ਦੂਰ ਦ੍ਰਿਸ਼ਟੀ ਨਾਲ ਉਹ ਅਪਣੇ ਸ਼ਿਕਾਰ ਨੂੰ ਫੌਰਨ ਹੀ ਪਹਿਚਾਨ ਲੈਂਦਾ ਹੈ, ਅਤੇ ਉਸ ਉਤੇ ਲਗਾਤਾਰ ਨਿਗਾਹ ਬਣਾਈ ਰਖਦਾ ਹੈ। ਉਹ ਜਦੋਂ ਅਪਣੇ ਸ਼ਿਕਾਰ ਅਤੇ ਦੁਸ਼ਮਨ ਤੇ ਝਪੱਟਾ ਮਾਰਦਾ ਹੈ, ਤਾਂ ਉਹ ਇਨਾਂ ਸਟੀਕ ਹੁੰਦਾ ਹੈ ਕਿ ਸ਼ਿਕਾਰ ਬੱਚ ਨਹੀਂ ਸਕਦਾ। ਉਸ ਦੀ ਮਜਬੂਤ ਪਕੜ ਤੋਂ ਉਸ ਦਾ ਸ਼ਿਕਾਰ ਛੁਟ ਨਹੀਂ ਸਕਦਾ। ਉਸ ਦੀ ਪਕੜ ਵਿੱਚ ਇਤਨੀ ਤਾਕਤ ਹੁੰਦੀ ਹੈ ਕਿ ਉਹ ਅਪਣੇ ਨਾਲੋਂ ਕਈ ਗੁਣਾਂ ਵੱਡੇ ਜਾਨਵਰ, ਹਿਰਨ ਆਦਿਕ ਨੂੰ ਵੀ ਪਕੜ ਕੇ ਮਾਰ ਸਕਦਾ ਹੈ। ਜੂਠਨ ਨੂੰ ਸਵੀਕਾਰ ਨਾ ਕਰਣਾ: ਭਾਵ :ਅਣਖੀ ਹੋਣਾ, ਉਹ ਅਪਣਾ ਸ਼ਿਕਾਰ ਖੁਦ ਕਰ ਕੇ ਅਪਣਾ ਢਿੱਡ ਭਰਦਾ ਹੈ।

ਦੂਜੇ ਦਾ ਜੂਠਾ ਜਾਂ ਮਾਰਿਆ ਮੁਰਦਾ ਸ਼ਿਕਾਰ ਉਹ ਨਹੀਂ ਖਾਂਦਾ, ਭਾਂਵੇਂ ਉਸ ਨੂੰ ਭੁਖਾ ਹੀ ਕਿਉਂ ਨਾ ਰਹਿਣਾ ਪਵੇ। ਬਾਜ਼ ਦੇ ਇਹ ਕੁਝ ਖਾਸ ਗੁਣ ਹਨ, ਜੋ ਦੂਜਿਆਂ ਪੰਛੀਆਂ ਵਿੱਚ ਨਹੀਂ ਮਿਲਦੇ। ਗੁਰੂ ਸਾਹਿਬ ਨੇ ਅਪਣੇ ਸਿੱਖਾਂ ਨੂੰ ਅਪਣੇ ਵਿੱਚ ਇਹ ਸਾਰੇ ਗੁਣ ਪੈਦਾ ਕਰਨ ਅਤੇ ਉਨਾਂ ਬਾਰੇ ਹਮੇਸ਼ਾਂ ਯਾਦ ਦੁਆਣ ਲਈ ਹੀ ਇਸ ਵਿਲੱਖਣ ਪੰਛੀ ਨੂੰ ਅਪਣੇ ਪਾਸ ਰਖਿਆ ਹੋਇਆ ਸੀ। ਲੇਕਿਨ ਅਫਸੋਸ ! ਕਿ ਅਸੀਂ “ਗੁਰੂ ਦਾ ਉਹ ਬਾਜ਼” ਬਣ ਨਹੀਂ ਸਕੇ। ਬਾਜ਼ ਵਾਲੇ ਗੁਣ ਤਾਂ ਅਸੀਂ ਅਪਣੇ ਵਿੱਚ ਕੀ ਪੈਦਾ ਕਰਨੇ ਸਨ, ਅਸੀਂ ਤਾਂ ਉਸ ਦੇ ਉਲਟ ਜਾ ਕੇ ਮੁਰਦਾਰ ਖਾਣ ਵਾਲੇ ਗਿੱਧ ਅਤੇ ਜੂਠਨ ਖਾਣ ਵਾਲੇ ਬਗਲੇ ਅਤੇ ਕਾਂ ਬਣ ਕੇ ਰਹਿ ਗਏ ਹਾਂ। ਦੂਰ ਦ੍ਰਿਸ਼ਟੀ ਤਾਂ ਸਾਡੇ ਨੇੜਿਉ ਹੀ ਨਹੀਂ ਲੰਘੀ।