ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀ ਇਸ ਚੀਜ਼ ਤੇ ਪਾਬੰਦੀ

2268

ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਇੱਕ ਸ਼੍ਰੋਮਣੀ ਅਸਥਾਨ ਹੈ । ਇਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਆਪਣੀ ਹਾਜ਼ਰੀ ਭਰਦੀਆਂ ਹਨ । ਹਾਲ ਹੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਫੈਸਲਾ ਲਿਆ ਗਿਆ ਹੈ । ਇਸ ਫੈਸਲੇ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਰਤੇ ਜਾਣ ਵਾਲੇ ਪਲਾਸਟਿਕ ਦੇ ਲਿਫਾਫਿਆਂ ਉਪਰ ਪੂਰਨ ਤੌਰ ਤੇ ਪਾਬੰਦੀ ਲਗਾਉਣ ਦਾ ਨਿਸ਼ਚਾ ਕੀਤਾ ਗਿਆ ਹੈ ।

ਪਲਾਸਟਿਕ ਦੇ ਲਿਫਾਫਿਆਂ ਦੀ ਜਗ੍ਹਾ ਹੁਣ ਗੁਰਦੁਆਰਾ ਸਾਹਿਬ ਵਿਖੇ ਮੱਕੀ ਦੇ ਆਟੇ ਤੋਂ ਬਣੇ ਲਿਫਾਫਿਆਂ ਦੀ ਵਰਤੋਂ ਕੀਤੀ ਜਾਵੇਗੀ । ਅਸਲ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਲਾਸਟਿਕ ਦੇ ਲਿਫ਼ਾਫ਼ੇ ਬਹੁਤ ਜ਼ਿਆਦਾ ਵਰਤੋਂ ਵਿੱਚ ਆ ਰਹੇ ਹਨ । ਪ੍ਰਸਾਦ ਤੋਂ ਲੈ ਕੇ ਲੰਗਰ ਦੀਆਂ ਰਸਦਾਂ ਤੱਕ ਸਭ ਕੁਝ ਹੀ ਪਲਾਸਟਿਕ ਦੇ ਲਿਫਾਫਿਆਂ ਵਿੱਚ ਆ ਰਿਹਾ ਹੈ । ਸੋ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਇਸ ਵਰਤੋਂ ਨੂੰ ਬੰਦ ਕਰਕੇ ਇਨ੍ਹਾਂ ਦੀ ਜਗ੍ਹਾ ਮੱਕੀ ਦੇ ਆਟੇ ਤੋਂ ਬਣੇ ਲਿਫਾਫਿਆਂ ਨੂੰ ਚਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਨੂੰ ਇਹ ਵੀ ਸੰਦੇਸ਼ ਦੇਣ ਦਾ ਯਤਨ ਕਰੇਗੀ ਕਿ ਸਾਨੂੰ ਸਾਰਿਆਂ ਨੂੰ ਹੀ ਉਹੀ ਚੀਜ਼ਾਂ ਵਰਤਣੀਆਂ ਚਾਹੀਦੀਆਂ ਹਨ ਜਿਸ ਨਾਲ ਵਾਤਾਵਰਨ ਨੂੰ ਕੋਈ ਨੁਕਸਾਨ ਨਾ ਹੋਵੇ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਇਹ ਪਹਿਲ ਵਾਕਿਆ ਹੀ ਕਾਬਿਲ ਏ ਤਾਰੀਫ਼ ਹੈ । ਇਸ ਸਬੰਧੀ ਗੱਲਬਾਤ ਕਰਦਿਆਂ ਗੁਰਦੁਆਰਾ ਕਮੇਟੀ ਦੇ ਮੁੱਖ ਸਕੱਤਰ ਡਾ ਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਨ੍ਹਾਂ ਪਲਾਸਟਿਕ ਦੇ ਲਿਫਾਫਿਆਂ ਦੀ ਰੋਕਥਾਮ ਲਈ ਕਾਫੀ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਇਸ ਦਾ ਕੋਈ ਉਚਿਤ ਸੁਝਾਅ ਨਹੀਂ ਸੀ ਮਿਲ ਰਿਹਾ । ਹੁਣ ਇਸ ਸਬੰਧੀ ਉਚਿੱਤ ਸੁਝਾਅ ਮਿਲਣ ਤੇ ਅਤੇ ਮੱਕੀ ਦੇ ਆਟੇ ਤੋਂ ਬਣੇ ਲਿਫਾਫਿਆਂ ਦੀ ਵਰਤੋਂ ਕਰਨ ਤੋਂ ਬਾਅਦ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ ਕਿ ਹੁਣ ਪਲਾਸਟਿਕ ਦੇ ਲਿਫ਼ਾਫ਼ਿਆਂ ਉੱਪਰ ਪੂਰਨ ਤੌਰ ਤੇ ਰੋਕ ਲਗਾਈ ਜਾਵੇਗੀ ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੱਕੀ ਦੇ ਆਟੇ ਤੋਂ ਬਣੀ ਇਹ ਲਿਫਾਫੇ ਵਾਤਾਵਰਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰਨਗੇ ਅਤੇ ਇਨ੍ਹਾਂ ਲਿਫਾਫਿਆਂ ਦੀ ਮੁੱਖ ਖਾਸੀਅਤ ਇਹ ਵੀ ਹੈ ਕਿ ਇਹ ਪਾਣੀ ਦੇ ਸੰਪਰਕ ਵਿੱਚ ਆਉਣ ਨਾਲ ਹੀ ਗਲ ਜਾਂਦੇ ਹਨ ਜਿਸ ਨਾਲ ਇਹ ਵਾਤਾਵਰਨ ਦੇ ਵੀ ਅਨੁਕੂਲ ਹਨ । ਸੋ ਅਜਿਹੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਨਾਲ ਇੱਕ ਤਾਂ ਲੋਕਾਂ ਨੂੰ ਚੰਗਾ ਸੁਨੇਹਾ ਮਿਲੇਗਾ ਅਤੇ ਦੂਸਰਾ ਇਸ ਨਾਲ ਸਾਡੇ ਆਲੇ ਦੁਆਲੇ ਅਤੇ ਵਾਤਾਵਰਨ ਦੀ ਵੀ ਸਾਂਭ ਸੰਭਾਲ ਹੋਵੇਗੀ ।