ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਸਫ਼ਾਈ ਲਈ ਹੋਈ ਸੇਵਾ ਅਰੰਭ

ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਸਫ਼ਾਈ ਲਈ ਹੋਈ ਸੇਵਾ ਅਰੰਭ:ਸਿੱਖਾਂ ਦਾ ਸਰਵਉੱਚ ਧਾਰਮਿਕ ਅਸਥਾਨ ਹੋਣ ਦੇ ਨਾਲ-ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਭਰ ਦੇ ਸੈਲਾਨੀਆਂ ‘ਚ ਵੀ ਖਿੱਚ ਦਾ ਕੇਂਦਰ ਹੈ।

ਜਿਸ ਦੀ ਮਨਮੋਹਕ ਇਮਾਰਤੀ ਦਿੱਖ ਕਾਰਨ ਰੋਜ਼ਾਨਾ ਲੱਖਾਂ ਸ਼ਰਧਾਲੂ ਤੇ ਸੈਲਾਨੀ ਸੰਸਾਰ ਭਰ ਤੋਂ ਇਥੇ ਪੁੱਜਦੇ ਹਨ ਪਰ ਇਸ ਸੁਨਹਿਰੀ ਮੁਜੱਸਮੇ ਦੇ ਚੁਗਿਰਦੇ ‘ਚ ਕੁੱਝ ਵਰ੍ਹਿਆਂ ਤੋਂ ਵਧ ਰਹੇ ਘਾਤਕ ਪ੍ਰਦੂਸ਼ਣ ਨਾਲ ਸੋਨੇ ਦੀ ਚਮਕ ਨੂੰ ਹੋ ਰਹੇ ਨੁਕਸਾਨ ‘ਤੇ ਰੋਕ ਬਾਰੇ ਯਤਨ ਅਜੇ ਵੀ ਸੀਮਤ ਹਨ।

ਸੋਨੇ ਦੀ ਚਮਕ ਨੂੰ ਮੱਠਾ ਪਾ ਰਹੀ ਪ੍ਰਦੂਸ਼ਣ ਦੀ ਕਾਲੀ ਪਰਤ ਨੂੰ ਸਾਫ਼ ਕਰਨ ਹਿੱਤ ਅੱਜ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਇੰਗਲੈਂਡ) ਦੀ ਅਗਵਾਈ ‘ਚ ਸੋਨੇ ਦੀ ਧੁਆਈ ਦੀ ਸੇਵਾ ਆਰੰਭ ਹੋ ਗਈ ਹੈ।

ਜਿਸ ਦੇ ਵਿੱਚ ਕਰੀਬ 35 ਸੇਵਕਾਂ ਦਾ ਜਥਾ ਆਇਆ ਹੈ।ਇਸ ਜਥੇ ਵੱਲੋਂ ਹਰੇਕ ਸਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਸਫ਼ਾਈ ਕੀਤੀ ਜਾਂਦੀ ਹੈ।

ਸ੍ਰੀ ਹਰਿਮੰਦਿਰ ਸਾਹਿਬ ‘ਤੇ ਲੱਗੇ ਸੋਨੇ ਦੀ ਰੀਠਿਆ ਦੇ ਪਾਣੀ ਨਾਲ ਸਫਾਈ ਕੀਤੀ ਜਾਵੇਗੀ।ਸ੍ਰੀ ਹਰਿਮੰਦਿਰ ਸਾਹਿਬ ‘ਤੇ ਲੱਗੇ ਸੋਨੇ ਦੀ ਚਮਕ ਬਰਕਰਾਰ ਰੱਖਣ ਲਈ ਸਾਲ ਵਿਚ ਇੱਕ ਵਾਰ ਸੇਵਾ ਕੀਤੀ ਜਾਂਦੀ ਹੈ।